ਮਾਪੇ ਆਪਣੇ ਬੱਚਿਆ ਦੀ ਮਦਦ ਕਿਵੇਂ ਕਰ ਸਕਦੇ ਹਨ?
- Ravneet Kaur
- Aug 12, 2022
- 2 min read
ਅਕਸਰ ਮੈਂ ਤੇ ਮੇਰੀ ਤਨਹਾਈ ਇਹ ਸੋਚ ਦੇ ਹਾਂ ਕਿ
ਸਾਈਕਲ ਦੀ ਜਿੰਦਗੀ ਸੀ, ਗੱਡੀਆਂ ਤੇ ਪਹੁੰਚ ਗਈ, ਅੱਜ ਐਨਾ ਸਮਾਂ ਵੀ ਨਹੀਂ ਰਿਹਾ ਕਿ ਮੈਂ ਕਹਿ ਸਕਾਂ, ਆ ਪੁੱਤ ਬੈਠ ਮੇਰੇ ਕੋਲ, ਕੁਝ ਚਿਰ ਬੈਠ ਕੇ ਪੜ੍ਹੀਏ।
ਆਪਣੇ ਬੱਚੇ ਨੂੰ ਪੜ੍ਹਾੳਣਾ ਸਿਰਫ ਔਰਤ ਦਾ ਹੀ ਫਰਜ਼ ਨਹੀ ਹੈ। ਇਸ ਵਿਚ ਮਰਦ ਨੂੰ ਵੀ ਆਪਣੀ ਭਾਗੀਦਾਰੀ ਨਿਭਾਉਣ ਦੀ ਲੋੜ ਹੈ। ਆਪਣੇ ਬੱਚੇ ਨੂੰ ਟਾਇਮ ਦੇਣ ਦਾ ਫਰਜ਼ ਹੈ। ਜੇਕਰ ਤੁਹਾਨੂੰ ਲੱਗਦਾ ਹੈ ,ਕੀ ਤੁਸੀਂ ਸਿਰਫ ਰਿਜ਼ਲਟ ਦਾ ਪੁੱਛ ਕੇ ਹੀ ਪਾਸਾ ਕਰ ਰਹੇ ਹੋ, ਤਾਂ ਸੋਚੋ, ਤੇ ਵਿਚਾਰੋ ਕਿ ਤੁਸੀਂ ਸਹੀ ਕਰ ਰਹੇ ਹੋ? ਲੱਭਦੇ ਨਹੀਂ ਲਾਲ ਗੁਆਚੇ ਮਿੱਟੀ ਨਾ ਫਰੋਲ਼ ਬੰਦਿਆ। ਸਮਾਂ ਚੱਲਿਆ ਜਾਂਦਾ ਹੈ ਪਰ ਹੋਈਆਂ ਗਲਤੀਆਂ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਅਸੀਂ ਕਈ ਵਾਰ ਸੋਚਦੇ ਹਾਂ ਕਿ ਉਸ ਸਮੇਂ ਸਾਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ ਸੀ ਪਰ ਉਸ ਸਮੇ, ਉਹ ਵਾਕ, ਜੋ ਸਾਡੇ ਮੁੱਖ ਵਿਚੋਂ ਨਿਕਲ ਜਾਂਦੇ ਹਨ, ਉਹ ਕਦੀ ਵਾਪਸ ਨਹੀਂ ਆਉਂਦੇ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਮਾਂ ਨਾ ਦੇ ਕੇ ਜੋ ਗਲਤੀ ਕਰ ਰਹੇ ਹਾਂ, ਇਸ ਦੀ ਭਰਪਾਈ ਸਾਨੂੰ ਕਦੇ ਵੀ ਨਹੀਂ ਮਿਲੇਗੀ।

ਅੱਜ ਲੋੜ ਹੈ ਇਸ ਤਸਵੀਰ ਨੂੰ ਸੱਚ ਕਰਨ ਦੀ ,ਬਹਿ ਕੇ ਬੱਚਿਆਂ ਦੇ ਨਾਲ ਸਮਾਂ ਬਿਤਾਉਣ ਦੀ।
ਸਾਡੇ ਫ਼ਾਲਤੂ ਦੇ ਰੁਝੇਵੇਂ ਸਾਡੀਆਂ ਆਦਤਾਂ ਬਣ ਚੁਕੇ ਨੇ ਜਿਨ੍ਹਾਂ ਨੂੰ ਅਸੀਂ ਛੱਡਣਾ ਨਹੀਂ ਚਾਹੁੰਦੇ ।ਵਟਸਐਪ ਦੇ ਸਟੇਟਸ, ਸਾਡੀ ਇੰਸਟਾਗਰਾਮ ਦੀਆਂ ਸਟੋਰੀਆਂ , ਕੀ ਅਸੀਂ ਆਪਣੇ ਬੱਚੇ ਦੇ ਕੋਲ ਇਕ ਘੰਟਾ ਗੁਜ਼ਾਰ ਸਕੇ? ਗੁਜ਼ਾਰਨਾ ਤੇ ਕੀ ,ਅਸੀਂ ਇਸ ਬਾਰੇ ਸੋਚ ਵੀ ਨਾ ਸਕੇ ।
ਕੀ ਅਸੀਂ ਇੰਨੇ ਲਾਪਰਵਾਹ ਹੋ ਗਏ ਹਾਂ? ਕੀ ਅਸੀਂ ਇਨ੍ਹੇ ਭੁੱਲਕੜ ਹੋ ਗਏ ਹਾਂ? ਆਪਣੇ ਫ਼ਰਜ਼ਾਂ ਤੋਂ ਕਦ ਤੱਕ ਭੱਜਾਂਗੇ ਕਦੀ ਤਾਂ ਸਾਨੂੰ ਇਹ ਫ਼ਰਜ਼ ਹਾਕਾਂ ਮਾਰ ਬਲਾਉਣਗੇ ।ਪਰ ਫਰਕ ਇਹ ਹੋਵੇਗਾ, ਕਿ ਉਦੋ ਸਾਡੇ ਬੱਚੇ ਸਾਡੇ ਤੋਂ ਬਹੁਤ ਦੂਰ ਹੋ ਗਏ ਹੋਣਗੇ।

ਆਉ !ਮਿਲਕੇ ਕੋਸ਼ਿਸ਼ ਕਰੀਏ ਕੁਝ ਨਵਾਂ ਸਿਰਜਣ ਦੀ।ਮਿਲ ਕੇ ਵਿਚਾਰ ਕਰੀਏ ਕਿੱਥੇ ਕਮੀ ਰਹਿ ਗਈ। ਅਸੀਂ ਸਭ ਨੇ ਮਿਲ ਕੇ ਆਪਣੇ ਬੱਚਿਆਂ ਦੀ ਖੁਸ਼ੀ ਵਾਪਸ ਲਿਆਉਣੀ ਹੈ।
- ਇੰਦਰਜੀਤ ਕੌਰ
ਪ੍ਰਾਇਮਰੀ ਅਧਿਆਪਕ
Comentarios