"ਨੀ ਤੂੰ ਚਿੱਠੀਆਂ ਪਾਉਣੀਆਂ ਭੁੱਲ ਗਈ ਜਦੋਂ ਦਾ ਟੈਲੀਫੋਨ ਲੱਗਿਆ"
ਪੁਰਾਣੇ ਸਮਿਆਂ ਵਿਚ ਚਿੱਠੀਆਂ ਦਾ ਵੀ ਸਾਡੀ ਜ਼ਿੰਦਗੀ ਵਿਚ ਆਪਣਾ ਇੱਕ ਵੱਖਰਾ ਮਹੱਤਵ ਹੁੰਦਾ ਸੀ। ਖੁਸ਼ੀ ਗਮੀ ਜਾਂ ਅਜਿਹੇ ਕਈ ਕੀਮਤੀ ਪਲ ਹੁੰਦੇ ਸਨ ਜਿਨ੍ਹਾਂ ਦਾ ਵੇਰਵਾ ਅਸੀਂ ਆਪਣੇ ਸਾਕ-ਸੰਬੰਧੀਆਂ ਨੂੰ ਚਿੱਠੀਆਂ ਰਾਹੀਂ ਦਿੰਦੇ ਹੁੰਦੇ ਸੀ। ਹੌਲੀ-ਹੌਲੀ ਸਮੇਂ ਨੇ ਤਬਦੀਲੀ ਲਈ ਅਤੇ ਸਾਡੀ ਜ਼ਿੰਦਗੀ ਵਿਚੋਂ ਚਿੱਠੀਆਂ ਦੀ ਅਹਿਮੀਅਤ ਵੀ ਘਟਣੀ ਸ਼ੁਰੂ ਹੋ ਗਈ। ਚਿੱਠੀਆਂ ਦੀ ਜਗ੍ਹਾ ਫੋਨਾਂ ਨੇ ਲੈ ਲਈ। ਪਹਿਲਾਂ-ਪਹਿਲ ਕਿਸੇ ਟਾਂਵੇਂ-ਟਾਂਵੇਂ ਘਰ ਵਿੱਚ ਫੋਨ ਦੀ ਵਰਤੋਂ ਹੁੰਦੀ ਸੀ। ਪਰੰਤੂ ਹੌਲੀ-ਹੌਲੀ ਸਮੇਂ ਨੇ ਆਪਣੀ ਕਰਵਟ ਬਦਲਦੀ ਸ਼ੁਰੂ ਕੀਤੀ ਅਤੇ ਅਮੀਰ ਤੋਂ ਲੈ ਕੇ ਸਧਾਰਨ ਵਰਗ ਦੇ ਪਰਿਵਾਰਾਂ ਵਿੱਚ ਵੀ ਫੋਨਾਂ ਦੀ ਵਰਤੋਂ ਸ਼ੁਰੂ ਹੋ ਗਈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਕੱਲ ਹਰ ਇਕ ਕੋਲ ਫੋਨ ਦਾ ਹੋਣਾ ਲਾਜ਼ਮੀ ਬਣ ਗਿਆ।
ਜੇਕਰ ਅਸੀਂ ਮੋਬਾਈਲ ਫੋਨਾਂ ਦੀ ਗੱਲ ਕਰੀਏ ਤਾਂ ਅਜੋਕੇ ਯੁੱਗ ਵਿੱਚ, ਸਾਡੀ ਜਿੰਦਗੀ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਅੱਜ ਕੱਲ ਸਾਇੰਸ ਦੀ ਤਰੱਕੀ ਦੇ ਕਾਰਨ ਹਰੇਕ ਚੀਜ਼ ਆਨਲਾਈਨ ਹੋ ਚੁੱਕੀ ਹੈ। ਇਸ ਕਰਕੇ ਫੋਨ ਦੇ ਉੱਤੇ ਹੀ ਅਸੀਂ ਆਪਣਾ ਸਾਰਾ ਘਰ ਦਾ ਸਮਾਨ, ਬਿਜ਼ਨਸ, ਸਕੂਲ ਦਾ ਸਾਰਾ ਪ੍ਰਬੰਧ ਇਸ ਨਾਲ ਜੁੜਿਆ ਹੋਇਆ ਹੈ। ਅਜੋਕੇ ਸਮੇਂ ਵਿੱਚ ਛੋਟੇ ਤੋਂ ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਇਥੋਂ ਤਕ ਕਿ ਬਜ਼ੁਰਗ ਵੀ ਉਸਦੇ ਨਾਲ ਬੁਰੀ ਤਰ੍ਹਾਂ ਜਕੜੇ ਹੋਏ ਹਨ। ਜੇਕਰ ਫੋਨ ਦੇ ਲਾਭ ਦੀ ਗੱਲ ਕਰੀਏ ਤਾਂ ਇਸ ਦੇ ਬਹੁਤ ਸਾਰੇ ਲਾਭ ਹਨ। ਇਸ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਣਯੋਗ ਚੀਜ਼ਾਂ ਮਿਲਦੀਆਂ ਹਨ ।ਇੰਟਰਨੈਟ ਬਾਰੇ ਜਾਣਕਾਰੀ ਮਿਲਦੀ ਹੈ। ਜੇਕਰ ਅਸੀਂ ਫੋਨ ਦੀ ਸਹੀ ਵਰਤੋਂ ਕਰੀਏ ਤਾਂ ਇਹ ਸਾਡੀ ਜਿੰਦਗੀ ਨੂੰ ਕਾਫੀ ਆਸਾਨ ਬਣਾ ਦਿੰਦਾ ਹੈ। ਸੰਸਾਰ ਵਿੱਚ ਸਾਰਾ ਕੁਝ ਆਨਲਾਈਨ ਹੋਣ ਕਾਰਨ ਅਸੀਂ ਇਸ ਦੀ ਵਰਤੋਂ ਨਾਲ ਮੇਸੈਜ, ਈਮੇਲ ਆਸਾਨੀ ਦੇ ਨਾਲ ਇਕ ਦੂਜੇ ਨੂੰ ਕੁਝ ਸਮੇਂ ਵਿਚ ਭੇਜ ਸਕਦੇ ਹਾਂ । ਜਿਸ ਕੰਮ ਨੂੰ ਕਰਨ ਵਾਸਤੇ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਘੰਟਿਆਂਬੱਧੀ ਲਾਈਨਾਂ ਵਿੱਚ ਖੜ ਕੇ ਆਪਣਾ ਕੰਮ ਕਰਵਾਉਣਾ ਪੈਂਦਾ ਸੀ ਉਹ ਕੰਮ ਆਸਾਨੀ ਨਾਲ ਅਸੀਂ ਘਰ ਬੈਠ ਕੇ ਮਿੰਟਾਂ-ਸਕਿੰਟਾਂ ਵਿਚ ਕਰ ਸਕਦੇ ਹਾਂ। ਪ੍ਰੰਤੂ ਜੇਕਰ ਇਸਦੇ ਲਾਭ ਦੇ ਨਾਲ ਨਾਲ ਅਸੀਂ ਇਸ ਦੀਆਂ ਹਾਨੀਆ ਦੀ ਗੱਲ ਕਰੀਏ ਜਾਂ ਇੰਜ ਕਹਿ ਲਓ ਕਿ ਫੋਨ ਦੇ ਸਾਡੇ ਜੀਵਨ ਵਿੱਚ ਕੀ ਬੁਰੇ ਪ੍ਰਭਾਵ ਪੈ ਰਹੇ ਹਨ ਬਾਰੇ ਵਿਚਾਰ ਕਰੀਏ ਤਾਂ ਇਸਦੇ ਕਾਫੀ਼ ਬੁਰੇ ਪ੍ਰਭਾਵ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਉੱਤੇ ਪੈ ਰਹੇ ਹਨ ।
ਅਜੋਕੇ ਸਮੇਂ ਵਿੱਚ ਹਰੇਕ ਨੌਜਵਾਨ ਜਾਂ ਬੱਚੇ ਜ਼ਿਆਦਾ ਸਮਾਂ ਫੋਨ ਦੀ ਵਰਤੋਂ ਕਰਦੇ ਹੋਏ ਬਿਤਾਉਂਦੇ ਹਨ। ਇਥੋਂ ਤੱਕ ਕਿ ਸਾਡੀਆਂ ਘਰੇਲੂ ਔਰਤਾਂ ਵੀ ਫੋਨ ਦੇ ਵਿੱਚ ਇਸ ਕਦਰ ਲੀਨ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਖ਼ਬਰ ਨੀਂ ਹੁੰਦੀ । ਜਿਸ ਕਾਰਨ ਕਾਫੀ ਵਾਰ ਇਹਨਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਛੋਟੇ ਬੱਚੇ ਪਹਿਲਾਂ-ਪਹਿਲ ਘਰਾਂ ਵਿੱਚ ਆਪਸ ਵਿੱਚ ਰਲ ਮਿਲ ਕੇ ਖੇਡਦੇ ਹੁੰਦੇ ਸਨ। ਬਾਰਸ਼ ਦੇ ਦਿਨਾਂ ਵਿੱਚ ਬੱਚੇ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਖੇਡਦੇ ਹੁੰਦੇ ਸਨ ਪ੍ਰੰਤੂ ਅਜੋਕੇ ਸਮੇਂ ਵਿਚ ਉਨ੍ਹਾਂ ਦੀਆਂ ਇਹ ਖੇਡਾਂ ਬਿਲਕੁਲ ਖਤਮ ਹੋ ਚੁੱਕੀਆਂ ਹਨ।
ਰਾਤਾਂ ਨੂੰ ਬੱਚੇ ਅਤੇ ਨੌਜਵਾਨ ਆਪਣੇ ਬਜ਼ੁਰਗਾਂ ਕੋਲੋਂ ਅੱਧੀ ਰਾਤ ਤਕ ਬੈਠੇ ਕਹਾਣੀਆਂ ਅਤੇ ਜ਼ਿੰਦਗੀ ਦੇ ਤਜਰਬੇ ਹਾਸਲ ਕਰਦੇ ਹੁੰਦੇ ਸਨ । ਉਨ੍ਹਾਂ ਸਮਿਆਂ ਵਿਚ ਬੱਚਿਆਂ ਅਤੇ ਨੌਜਵਾਨਾਂ ਵਿੱਚ ਬਜੁਰਗਾਂ ਦੀ ਕਾਫੀ ਇੱਜ਼ਤ ਹੁੰਦੀ ਸੀ ਪਰੰਤੂ ਹੁਣ ਇਸ ਦੀ ਜਗ੍ਹਾ ਮੋਬਾਇਲ ਫੋਨਾਂ ਨੇ ਲੈ ਲਈ ਹੈ। ਜਿਸ ਕਾਰਨ ਉਹ ਬਜ਼ੁਰਗਾਂ ਕੋਲ ਬੈਠਣਾ ਤਾਂ ਦੂਰ ਦੀ ਗੱਲ ਉਨ੍ਹਾਂ ਦੀ ਕਿਸੇ ਗੱਲ ਦਾ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਦੇ।
ਸੋ ਜਿਥੇ ਮੋਬਾਈਲ ਫੋਨਾਂ ਨੇ ਸਾਡੀ ਜ਼ਿੰਦਗੀ ਵਿੱਚ ਕਾਫੀ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਸਾਡੀ ਜ਼ਿੰਦਗੀ ਵਿਚ ਸ਼ਾਮਲ ਅਣਮੁੱਲੀਆਂ ਚੀਜ਼ਾਂ ਨੂੰ ਖਤਮ ਕਰ ਦਿੱਤਾ ਹੈ। ਸਾਨੂੰ ਚਾਹੀਦਾ ਹੈ ਕਿ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਸੇਧ ਦਿੰਦੇ ਹੋਏ ਫੋਨ ਦੇ ਲਾਭ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਤੋਂ ਅੱਗੇ ਵਧਣ।
- ਪਰਮਜੀਤ ਕੌਰ
ਪੰਜਾਬੀ ਅਧਿਆਪਕ
Great 👍
Good information
Boht vdia g💯